ਸ੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਦੇ ਪੰਜਾਬ ਯੰਗ ਇੰਟਰਪਨਿਓਰ ਪ੍ਰੋਗਰਾਮ ਅਧੀਨ ਬਿਜ਼ਨਸ ਬਲਾਸਟਰ ਫੇਜ਼-1 (ਸੈਸ਼ਨ 2026-27) ਦਾ ਚਾਰ ਜ਼ਿਲ੍ਹਿਆਂ ਲਈ ਤਿੰਨ ਰੋਜ਼ਾ ਸਿਖਲਾਈ ਸੈਮੀਨਾਰ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਸਫ਼ਲਤਾਪੂਰਵਕ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਡੀਐਨਓਜ਼ ਅਤੇ ਬਲਾਕ ਮਾਸਟਰ ਟ੍ਰੇਨਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਸੈਮੀਨਾਰ ਦਾ ਰਸਮੀ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਯਾਦਵਿੰਦਰ ਸਿੰਘ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਡੀਈਓ ਸ੍ਰੀ ਰਜਿੰਦਰ ਸੋਨੀ ਵੀ ਹਾਜ਼ਰ ਰਹੇ। ਇਹ ਸਿਖਲਾਈ ਕੈਂਪ ਪ੍ਰਿੰਸੀਪਲ ਸ੍ਰੀ ਦੀਪਕ ਬਾਂਸਲ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਸਟੇਟ ਰਿਸੋਰਸ ਪਰਸਨ ਸ਼੍ਰੀ ਅਨਿਲ ਸ਼ਰਮਾ, ਸ਼੍ਰੀਮਤੀ ਮਨਿੰਦਰ ਪਾਲ ਕੌਰ ਅਤੇ ਸ੍ਰੀ ਬਲਜਿੰਦਰ ਸਿੰਘ ਵੱਲੋਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਉਦੇਸ਼ਾਂ, ਅਤੇ ਵਿਦਿਆਰਥੀਆਂ ਵਿੱਚ ਕਾਰੋਬਾਰੀ ਹੁਨਰ ਵਿਕਸਿਤ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।
ਸਮੂਹ ਪ੍ਰੋਗਰਾਮ ਦੇ ਪ੍ਰਬੰਧ ਸ਼੍ਰੀਮਤੀ ਪ੍ਰਵੀਸਾ ਸੇਤੀਆ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ, ਜਦਕਿ ਮਿਡ-ਡੇ-ਮੀਲ ਇੰਚਾਰਜ ਮੈਡਮ ਰਮਨਦੀਪ ਕੌਰ ਵੱਲੋਂ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇਜ਼ਿਲ੍ਹਾ ਇੰਚਾਰਜ਼ ਸ੍ਰੀ ਸੁਨੀਲ ਜੱਗਾ ਵੱਲੋਂ ਸਮੂਹ ਸੈਮੀਨਾਰ ਦਾ ਸਫ਼ਲ ਸੰਚਾਲਨ ਅਤੇ ਤਾਲਮੇਲ ਆਪਣੀ ਦੇਖ-ਰੇਖ ਹੇਠ ਯਕੀਨੀ ਬਣਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਦੀਪਕ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦਾ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਉਦਯੋਗਿਕ ਸੋਚ, ਆਤਮ-ਨਿਰਭਰਤਾ ਅਤੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡੀਐਨਓਜ਼ ਅਤੇ ਮਾਸਟਰ ਟ੍ਰੇਨਰ ਇਸ ਪ੍ਰੋਗਰਾਮ ਨੂੰ ਹਰ ਸਕੂਲ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਸੈਮੀਨਾਰ ਦੇ ਸਮਾਪਤੀ ਸਮਾਰੋਹ ਦੌਰਾਨ ਡਿਪਟੀ ਡੀਈਓ ਸ੍ਰੀ ਰਜਿੰਦਰ ਸੋਨੀ ਨੇ ਸਟੇਟ ਟੀਮ, ਪ੍ਰਬੰਧਕਾਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਿਖਲਾਈਆਂ ਸਕੂਲੀ ਸਿੱਖਿਆ ਵਿੱਚ ਨਵੀਂ ਸੋਚ ਅਤੇ ਉਦਯਮਤਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੀਆਂ।
ਤਿੰਨ ਰੋਜ਼ਾ ਇਹ ਸੈਮੀਨਾਰ ਅੱਜ ਸਫ਼ਲਤਾਪੂਰਵਕ ਸੰਪੰਨ ਹੋਇਆ, ਜਿਸ ਦੌਰਾਨ ਭਾਗੀਦਾਰਾਂ ਨੇ ਪ੍ਰਾਪਤ ਕੀਤੀ ਸਿਖਲਾਈ ਨੂੰ ਆਪਣੇ-ਆਪਣੇ ਬਲਾਕਾਂ ਅਤੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਵਿਸ਼ਵਾਸ ਪ੍ਰਗਟਾਇਆ।
No comments:
Post a Comment