Thursday, July 16, 2026

ਪੰਜਾਬ ਯੰਗ ਇੰਟਰਪਨਿਓਰ ਪ੍ਰੋਗਰਾਮ ਤਹਿਤ ਬਿਜ਼ਨਸ ਬਲਾਸਟਰ ਫੇਜ਼-1 ਦਾ ਤਿੰਨ ਰੋਜ਼ਾ ਸੈਮੀਨਾਰ ਸਫ਼ਲਤਾਪੂਰਵਕ ਸੰਪੰਨ


ਸ੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਦੇ ਪੰਜਾਬ ਯੰਗ ਇੰਟਰਪਨਿਓਰ ਪ੍ਰੋਗਰਾਮ ਅਧੀਨ ਬਿਜ਼ਨਸ ਬਲਾਸਟਰ ਫੇਜ਼-1 (ਸੈਸ਼ਨ 2026-27) ਦਾ ਚਾਰ ਜ਼ਿਲ੍ਹਿਆਂ ਲਈ ਤਿੰਨ ਰੋਜ਼ਾ ਸਿਖਲਾਈ ਸੈਮੀਨਾਰ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਸਫ਼ਲਤਾਪੂਰਵਕ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਡੀਐਨਓਜ਼ ਅਤੇ ਬਲਾਕ ਮਾਸਟਰ ਟ੍ਰੇਨਰਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਸੈਮੀਨਾਰ ਦਾ ਰਸਮੀ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਯਾਦਵਿੰਦਰ ਸਿੰਘ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਡੀਈਓ ਸ੍ਰੀ ਰਜਿੰਦਰ ਸੋਨੀ ਵੀ ਹਾਜ਼ਰ ਰਹੇ। ਇਹ ਸਿਖਲਾਈ ਕੈਂਪ ਪ੍ਰਿੰਸੀਪਲ ਸ੍ਰੀ ਦੀਪਕ ਬਾਂਸਲ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।

ਸੈਮੀਨਾਰ ਦੌਰਾਨ ਸਟੇਟ ਰਿਸੋਰਸ ਪਰਸਨ ਸ਼੍ਰੀ ਅਨਿਲ ਸ਼ਰਮਾ, ਸ਼੍ਰੀਮਤੀ ਮਨਿੰਦਰ ਪਾਲ ਕੌਰ ਅਤੇ ਸ੍ਰੀ ਬਲਜਿੰਦਰ ਸਿੰਘ ਵੱਲੋਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇ ਉਦੇਸ਼ਾਂ, ਅਤੇ ਵਿਦਿਆਰਥੀਆਂ ਵਿੱਚ ਕਾਰੋਬਾਰੀ ਹੁਨਰ ਵਿਕਸਿਤ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ।

ਸਮੂਹ ਪ੍ਰੋਗਰਾਮ ਦੇ ਪ੍ਰਬੰਧ ਸ਼੍ਰੀਮਤੀ ਪ੍ਰਵੀਸਾ ਸੇਤੀਆ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ, ਜਦਕਿ ਮਿਡ-ਡੇ-ਮੀਲ ਇੰਚਾਰਜ ਮੈਡਮ ਰਮਨਦੀਪ ਕੌਰ ਵੱਲੋਂ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੇਜ਼ਿਲ੍ਹਾ ਇੰਚਾਰਜ਼ ਸ੍ਰੀ ਸੁਨੀਲ ਜੱਗਾ ਵੱਲੋਂ ਸਮੂਹ ਸੈਮੀਨਾਰ ਦਾ ਸਫ਼ਲ ਸੰਚਾਲਨ ਅਤੇ ਤਾਲਮੇਲ ਆਪਣੀ ਦੇਖ-ਰੇਖ ਹੇਠ ਯਕੀਨੀ ਬਣਾਇਆ ਗਿਆ।

ਇਸ ਮੌਕੇ ਪ੍ਰਿੰਸੀਪਲ ਸ੍ਰੀ ਦੀਪਕ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦਾ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਉਦਯੋਗਿਕ ਸੋਚ, ਆਤਮ-ਨਿਰਭਰਤਾ ਅਤੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡੀਐਨਓਜ਼ ਅਤੇ ਮਾਸਟਰ ਟ੍ਰੇਨਰ ਇਸ ਪ੍ਰੋਗਰਾਮ ਨੂੰ ਹਰ ਸਕੂਲ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਸੈਮੀਨਾਰ ਦੇ ਸਮਾਪਤੀ ਸਮਾਰੋਹ ਦੌਰਾਨ ਡਿਪਟੀ ਡੀਈਓ ਸ੍ਰੀ ਰਜਿੰਦਰ ਸੋਨੀ ਨੇ ਸਟੇਟ ਟੀਮ, ਪ੍ਰਬੰਧਕਾਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਿਖਲਾਈਆਂ ਸਕੂਲੀ ਸਿੱਖਿਆ ਵਿੱਚ ਨਵੀਂ ਸੋਚ ਅਤੇ ਉਦਯਮਤਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੀਆਂ।

ਤਿੰਨ ਰੋਜ਼ਾ ਇਹ ਸੈਮੀਨਾਰ ਅੱਜ ਸਫ਼ਲਤਾਪੂਰਵਕ ਸੰਪੰਨ ਹੋਇਆ, ਜਿਸ ਦੌਰਾਨ ਭਾਗੀਦਾਰਾਂ ਨੇ ਪ੍ਰਾਪਤ ਕੀਤੀ ਸਿਖਲਾਈ ਨੂੰ ਆਪਣੇ-ਆਪਣੇ ਬਲਾਕਾਂ ਅਤੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਵਿਸ਼ਵਾਸ ਪ੍ਰਗਟਾਇਆ।

Wednesday, July 15, 2026

ਅੰਮ੍ਰਿਤਸਰ ਵਿਚ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ



ਅੰਮ੍ਰਿਤਸਰ: ਪੰਜਾਬ ਪੁਲਿਸ ਨੂੰ ਸਰਹੱਦੀ ਇਲਾਕੇ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਦੋ ਵੱਡੇ ਹਥਿਆਰ ਅਤੇ ਨਸ਼ਾ ਤਸਕਰੀ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਹੈ।

ਇਸ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਿਸ ਨੇ AK-47 ਰਾਈਫਲ, ਵਿਸਫੋਟਕ ਸਮੱਗਰੀ ਅਤੇ 30 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸ਼ੁਰੂਆਤੀ ਜਾਂਚ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਨੈੱਟਵਰਕ ਦਾ ਹਿੱਸਾ ਹੋ ਸਕਦੇ ਹਨ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਇਨ੍ਹਾਂ ਦੇ ਸੰਬੰਧ ਕਿਸ-ਕਿਸ ਨਾਲ ਹਨ ਅਤੇ ਇਹ ਖੇਪ ਕਿੱਥੇ ਪਹੁੰਚਾਈ ਜਾਣੀ ਸੀ।

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਨੁਸਾਰ, ਇਹ ਕਾਰਵਾਈ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ ਹਥਿਆਰ ਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜਾਂਚ ਅਜੇ ਜਾਰੀ ਹੈ,
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ਾਂ ਦਾ ਅੰਤਿਮ ਨਿਰਣੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਹੋਵੇਗਾ।

Monday, May 25, 2026

ਹਰ ਪਾਸੇ ਕਿਸਾਨਾਂ ਨੂੰ ਮਾਰ, ਵੋਟਾਂ ਵਿੱਚ ਰੁੱਝੇ ਸੜਕ ਠੇਕੇਦਾਰ



ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੱਕਾਂਵਾਲੀ ਦੇ ਵਸਨੀਕ ਭਾਨਾ ਬਰਾੜ ਸੱਕਾਂਵਾਲੀ ਨੇ ਦੱਸਿਆ ਕੇ ਪਿੰਡ ਸੱਕਾਂਵਾਲੀ ਤੋਂ ਸੰਗਰਾਣਾ ਰੋਡ ਸੜਕ ਕਾਫੀ ਮਹੀਨੇ ਪਹਿਲਾਂ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਸੜਕ ਦੇ ਆਸੇ ਪਾਸੇ ਸਿਰਫ ਬੱਜਰ ਅਤੇ ਪੱਥਰ ਪਾ ਕੇ ਉੱਚਾ ਕੀਤਾ ਗਿਆ ਹੈ ਪਰ ਕਿਨਾਰਿਆਂ ਤੇ ਮਿੱਟੀ ਨਹੀਂ ਪਾਈ ਗਈ। ਜਿਸ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਸੜਕ ਟੁੱਟਣ ਦਾ ਖ਼ਤਰਾ ਵੀ ਹੈ।

ਉਹਨਾਂ ਕਿਹਾ ਕੇ ਇਸ ਸਬੰਧ ਵਿਚ ਜਦੋਂ ਮਹਿਕਮੇ ਦੇ ਇਕ ਅਧਿਕਾਰੀ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਕੇ ਸਾਡੇ ਠੇਕੇਦਾਰ ਦਾ ਭਰਾ ਵੋਟਾਂ ਵਿੱਚ ਖੜਾ ਹੋਇਆ ਅਤੇ ਉਹ ਬਾਅਦ ਵਿਚ ਇਸ ਪਾਸੇ ਵੱਲ ਧਿਆਨ ਦੇਣਗੇ।

ਪਿੰਡ ਦੇ ਵਸਨੀਕ ਜਸਕਰਨ ਸਿੰਘ ਵੱਲੋਂ ਅੱਜ ਮਿੱਟੀ ਦੀਆਂ ਟਰਾਲੀਆਂ ਲਾ ਕੇ ਕਿਨਾਰਿਆਂ ਨੂੰ ਮਜਬੂਤ ਕੀਤਾ ਗਿਆ ਪਰ ਪ੍ਰਸ਼ਾਸਨ ਨੂੰ ਸਵਾਲ ਆ ਕਿ ਠੇਕੇਦਾਰ ਪੈਸੇ ਲੈਕੇ ਫੁਰ ਹੋ ਜਾਂਦੇ ਆ ਅਤੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਅਤੇ ਮਿੱਟੀ ਆਪਣੀ ਮਿਹਨਤ ਦੀ ਕਮਾਈ ਵਿਚੋਂ ਖ਼ਰਚ ਕਰਨੀ ਪੈ ਰਹੀ ਹੈ।

ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇ ਅਤੇ ਠੇਕੇਦਾਰ ਵੋਟਾਂ ਨੂੰ ਛੱਡ ਕੇ ਪਹਿਲਾਂ ਸੜਕ ਦਾ ਰਹਿੰਦਾ ਕੰਮ ਪੂਰਾ ਕਰਨ।