Saturday, February 14, 2026

ਮਲੋਟ ਖੇਤਰ ਨੂੰ ਮਿਲੀ ਵਿਕਾਸ ਦੀ ਰਫ਼ਤਾਰ — ਡਾ. ਬਲਜੀਤ ਕੌਰ ਨੇ ਲਾਇਬ੍ਰੇਰੀ, ਸੜਕਾਂ ਤੇ ਬੈਂਕ ਸ਼ਾਖਾ ਦਾ ਕੀਤਾ ਉਦਘਾਟਨ


ਮਲੋਟ ਹਲਕੇ ਵਿੱਚ ਅੱਜ ਵਿਕਾਸ ਦੀ ਇੱਕ ਨਵੀਂ ਸਵੇਰ ਦਾ ਅਰੰਭ ਹੋਇਆ, ਜਦੋਂ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਿੱਖਿਆ, ਸੜਕ ਸੁਵਿਧਾਵਾਂ, ਵਿੱਤੀ ਸੇਵਾਵਾਂ ਅਤੇ ਖੇਡਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬੋਲਦਿਆਂ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਉਪਰਾਲੇ ਨਾ ਸਿਰਫ਼ ਖੇਤਰ ਦੀ ਭੌਤਿਕ ਤਰੱਕੀ ਨੂੰ ਮਜ਼ਬੂਤ ਕਰਦੇ ਹਨ, ਸਗੋਂ ਸਮਾਜਿਕ ਅਤੇ ਆਰਥਿਕ ਪੱਖੋਂ ਵੀ ਨਵੀਂ ਦਿਸ਼ਾ ਦਿੰਦੇ ਹਨ।

ਪਿੰਡ ਫਕਰਸਰ ਵਿੱਚ ਨਵੀਂ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਲਾਇਬ੍ਰੇਰੀਆਂ ਗਿਆਨ ਦੀ ਜੋਤ ਹਨ, ਜੋ ਨੌਜਵਾਨ ਮਨਾਂ ਵਿੱਚ ਸੂਝਬੂਝ ਅਤੇ ਸੁਪਨਿਆਂ ਦੀ ਚਮਕ ਜਗਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਨੂੰ ਸਮਰੱਥ ਬਨਾਉਣ ਲਈ ਦ੍ਰਿੜ ਸੰਕਲਪ ਹੈ। ਇਸ ਮੌਕੇ ਪਿੰਡ ਵਿੱਚ ਨਵੀਂਆਂ ਤਿਆਰ ਹੋਈਆਂ ਸੜਕਾਂ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਨਾਲ ਆਵਾਜਾਈ ਦੀਆਂ ਸਹੂਲਤਾਂ ਸੁਧਰਣਗੀਆਂ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸੁਗਮਤਾ ਆਵੇਗੀ। 

ਮਲੋਟ ਸ਼ਹਿਰ ਵਿੱਚ ਦਾਨੇਵਾਲਾ ਚੌਂਕ ਤੋਂ ਛਾਪਿਆਂਵਾਲੀ ਰੋਡ, ਸ੍ਰੀ਼ ਗੁਰੂ ਨਾਨਕ ਦੇਵ ਜੀ ਚੌਂਕ ਤੋਂ ਅਬੋਹਰ ਰੋਡ ਅਤੇ ਮਲੋਟ ਤੋਂ ਪੰਨੀਵਾਲਾ ਰੋਡ ਵਰਗੀਆਂ ਅਹਿਮ ਸੜਕਾਂ ਦੇ ਉਦਘਾਟਨ ਮੌਕੇ ਉਨ੍ਹਾਂ ਦੱਸਿਆ ਕਿ ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਇਹ ਸੜਕਾਂ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਨਾਲਨਾਲ ਵਪਾਰਕ ਗਤੀਵਿਧੀਆਂ ਨੂੰ ਵੀ ਗਤੀਸ਼ੀਲ ਕਰਨਗੀਆਂ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਮਲੋਟ ਖੇਤਰ ਦੀਆਂ ਬਾਕੀ ਸੜਕਾਂ ਦੇ ਨਿਰਮਾਣ ਲਈ ਭੇਜੇ ਗਏ ਅਨੁਮਾਨਾਂ ਉੱਤੇ ਤਰਤੀਬਵਾਰ ਕਾਰਵਾਈ ਕਰਦਿਆਂ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਨੀਵਾਲਾ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਸੜਕ ਦੇ ਨਿਰਮਾਣ ਕਾਰਜ ਨੂੰ ਵੀ ਤੁਰੰਤ ਆਰੰਭ ਕਰਨ ਦੀ ਪ੍ਰਕਿਰਿਆ ਜਾਰੀ ਹੈ । ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਮਾਜਿਕ ਜਾਗਰੂਕਤਾ ਦਾ ਇੱਕ ਵੱਡਾ ਅਭਿਆਨ ਬਣ ਚੁੱਕੀ ਹੈ। ਪਿੰਡ ਪੱਧਰ ਤੇ ਬਣੀਆਂ ਕਮੇਟੀਆਂ ਘਰਘਰ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੀਆਂ ਹਨ ਅਤੇ ਨਸ਼ਾ ਤਸਕਰਾਂ ਖਿ਼ਲਾਫ਼ ਸਖ਼ਤ ਕਾਰਵਾਈ ਕਰਦਿਆਂ ਕਾਨੂੰਨ ਦੀ ਪਕੜ ਮਜ਼ਬੂਤ ਕੀਤੀ ਜਾ ਰਹੀ ਹੈ। 

ਪਿੰਡ ਤਰਖਾਣਵਾਲਾ ਵਿੱਚ ਬੈਂਕ ਸ਼ਾਖਾ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਪੱਧਰ ਤੇ ਬੈਂਕਿੰਗ ਸਹੂਲਤਾਂ ਦੀ ਉਪਲਬਧਤਾ ਲੋਕਾਂ ਨੂੰ ਵਿੱਤੀ ਲੈਣਦੇਣ ਵਿੱਚ ਆਸਾਨੀ ਪ੍ਰਦਾਨ ਕਰੇਗੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਅਤੇ ਸਿੱਧੇ ਢੰਗ ਨਾਲ ਹੱਕਦਾਰਾਂ ਤੱਕ ਪਹੁੰਚੇਗਾ। ਇਸ ਦੇ ਨਾਲ ਹੀ ਪਿੰਡ ਮਹਾਬੱਧਰ ਵਿੱਚ ਆਯੋਜਿਤ ਖੇਡ ਟੂਰਨਾਮੈਂਟ ਵਿੱਚ ਹਾਜ਼ਰੀ ਲਗਾਉਂਦਿਆਂ ਡਾ. Iਬਲਜੀਤ ਕੌਰ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਖੇਡਾਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਦੀ ਨੀਂਹ ਹਨ, ਜੋ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

 


ਮਲੋਟ ਖੇਤਰ ਨੂੰ ਮਿਲੀ ਵਿਕਾਸ ਦੀ ਰਫ਼ਤਾਰ — ਡਾ. ਬਲਜੀਤ ਕੌਰ ਨੇ ਲਾਇਬ੍ਰੇਰੀ, ਸੜਕਾਂ ਤੇ ਬੈਂਕ ਸ਼ਾਖਾ ਦਾ ਕੀਤਾ ਉਦਘਾਟਨ

ਮਲੋਟ ਹਲਕੇ ਵਿੱਚ ਅੱਜ ਵਿਕਾਸ ਦੀ ਇੱਕ ਨਵੀਂ ਸਵੇਰ ਦਾ ਅਰੰਭ ਹੋਇਆ ,   ਜਦੋਂ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਿੱਖਿਆ ,   ਸੜਕ ਸੁਵਿਧਾਵਾਂ ,   ਵਿੱਤੀ ਸੇਵਾਵਾਂ...